ਅਜੀਤ ਅਤੇ ਜਗਬਾਣੀ ਅਖਬਾਰਾਂ ਵਿਚਕਾਰ ਅੜ੍ਹ ਗਏ ਕੁੰਡੀਆਂ ਦੇ ਸਿੰਗ !!

News

Share

ਪੰਜਾਬ ਦੀਆਂ ਮਸ਼ਹੂਰ ਪੰਜਾਬੀ ਅਖਬਾਰਾਂ ਅਜੀਤ ਅਤੇ ਜੱਗਬਾਣੀ ਦੀ ਆਪਸ ਵਿਚ ਖੜਕ ਪਈ ਹੈ। ਜਾਣਕਾਰੀ ਅਨੁਸਾਰ ਜੱਗਬਾਣੀ ਨੇ ਕੋਈ ਸਰਵੇਖਣ ਕਰਵਾਇਆ ਸੀ ਜਿਸ ਚ ਦੱਸਿਆ ਗਿਆ ਕਿ ਪੰਜਾਬ ਦੇ ਲੋਕ ਸਭ ਤੋਂ ਜਿਆਦਾ ਜੱਗਬਾਣੀ ਅਖਬਾਰ ਪੜ੍ਹਦੇ ਹਨ। ਇਸਦੇ ਚਲਦੇ ਦੂਜੇ ਅਖਬਾਰ ਅਜੀਤ ਨੇ ਖਬਰ ਲਾਈ ਹੈ ਕਿ ਝੂਠ ਦਾ ਸਹਾਰਾ ਲੈ ਕੇ ਜੱਗਬਾਣੀ ਨੇ ਗਲਤ ਸਰਵੇਖਣ ਰਿਪੋਰਟ ਲੋਕਾਂ ਸਾਹਮਣੇ ਦਿੱਤੀ ਹੈ ਅਤੇ ਪੰਜਾਬ ਦੇ ਜਿਆਦਾਤਰ ਲੋਕ ਅਜੀਤ ਅਖਬਾਰ ਪਸੰਦ ਕਰਦੇ ਹਨ। ਹੇਠਾਂ ਅਜੀਤ ਅਖਬਾਰ ਦੀ ਖਬਰ ਦੇ ਰਹੇ ਹਾਂ,ਬਾਕੀ ਦਾ ਅੰਦਾਜ਼ਾ ਪਾਠਕ ਖੁਦ ਲਗਾ ਸਕਦੇ ਹਨ-

 

ਉਹ ਅਖ਼ਬਾਰ ਸਮੂਹ, ਜਿਹੜਾ ਪਹਿਲਾਂ ਪੰਜਾਬੀ ਸੂਬੇ ਤੇ ਪੰਜਾਬੀ ਜ਼ਬਾਨ ਦਾ ਵਿਰੋਧ ਕਰਦਾ ਰਿਹਾ ਅਤੇ ਜਿਹੜਾ ਅਸ਼ਲੀਲ ਫੋਟੋਆਂ ਛਾਪਣ ਅਤੇ ਪੀਲੀ ਪੱਤਰਕਾਰੀ ਕਰਨ ਲਈ ਵੀ ਬਦਨਾਮ ਹੈ, ਜਿਸ ਦੇ ਅਖ਼ਬਾਰਾਂ ਨੂੰ ਜਾਗਰੂਕ ਲੋਕ ਆਪਣੇ ਘਰਾਂ ਵਿਚ ਲਿਜਾਣ ਤੋਂ ਵੀ ਗੁਰੇਜ਼ ਕਰਦੇ ਹਨ, ਜੋ ਸਿਆਸਤਦਾਨਾਂ ਕੋਲੋਂ ਚੋਣਾਂ ਸਮੇਂ ਖ਼ਬਰਾਂ ਲਾਉਣ ਲਈ ਪੈਸੇ ਮੰਗਣ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਛਿਕੇ ਟੰਗ ਆਪਣੀਆਂ ਤਿਜੌਰੀਆਂ ਭਰਦਾ ਰਿਹਾ ਹੈ, ਜਿਸ ਨੇ ਪੰਜਾਬੀ ਸੱਭਿਆਚਾਰ ਨੂੰ ਬੇਹੱਦ ਪ੍ਰਦੂਸ਼ਿਤ ਅਤੇ ਗੰਧਲਾ ਕੀਤਾ ਹੈ। ਉਸ ਸਮੂਹ ਦੇ ਪੰਜਾਬੀ ਅਖ਼ਬਾਰ ਨੇ ਇਕ ਕਥਿਤ ਏਜੰਸੀ ਤੋਂ ਬੋਗਸ ਸਰਵੇਖਣ ਕਰਵਾ ਕੇ ਇਹ ਝੂਠਾ ਦਾਅਵਾ ਕੀਤਾ ਹੈ ਕਿ ਪੰਜਾਬੀਆਂ ਦੇ ਹਰਮਨ-ਪਿਆਰੇ ਅਖ਼ਬਾਰ ‘ਅਜੀਤ’ ਦੇ ਮੁਕਾਬਲੇ ਵਿਚ ਉਸ ਦੀ ਅਖ਼ਬਾਰ ਦੇ ਪਾਠਕਾਂ ਦੀ ਗਿਣਤੀ ਜ਼ਿਆਦਾ ਹੈ, ਜਦੋਂ ਕਿ ਹਕੀਕਤ ਇਹ ਹੈ ਕਿ ਇਸ ਦੇ ਪੰਜਾਬੀ ਅਖ਼ਬਾਰ ਦੀ ਪ੍ਰਸਾਰ ਸੰਖਿਆ ‘ਅਜੀਤ’ ਦੀ ਪ੍ਰਸਾਰ ਸੰਖਿਆ ਨਾਲੋਂ ਬੇਹੱਦ ਘੱਟ ਹੈ।

 

‘ਅਜੀਤ’ ਨੇ ਹਮੇਸ਼ਾ ਪੱਤਰਕਾਰੀ ਦੀਆਂ ਸਦਾਚਾਰਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹੋਏ ਆਪਣੇ ਪਾਠਕਾਂ ਨੂੰ ਸਹੀ ਜਾਣਕਾਰੀ ਦੇਣ ਦਾ ਯਤਨ ਕੀਤਾ ਹੈ। ਇਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ-ਹਿਤਾਂ ਲਈ ਹਮੇਸ਼ਾ ਅੱਗੇ ਹੋ ਕੇ ਆਵਾਜ਼ ਬੁਲੰਦ ਕੀਤੀ ਹੈ। ਇਸੇ ਕਰਕੇ ਇਸ ਨੂੰ ਪੰਜਾਬੀਆਂ ਦੇ ਹਰ ਵਰਗ ਦਾ ਭਰਪੂਰ ਸਮਰਥਨ ਮਿਲਦਾ ਰਿਹਾ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ‘ਅਜੀਤ’ ਦਹਾਕਿਆਂ ਤੋਂ ਏ.ਬੀ.ਸੀ. (ਆਡਿਟ ਬਿਊਰੋ ਆਫ ਸਰਕੂਲੇਸ਼ਨ) ਦਾ ਮੈਂਬਰ ਹੈ। ਦੇਸ਼ ਦੀ ਇਹ ਵੱਕਾਰੀ ਸੰਸਥਾ ਅਖ਼ਬਾਰਾਂ ਦੀ ਪ੍ਰਸਾਰ ਸੰਖਿਆ ਦੇ ਸਮੁੱਚੇ ਰਿਕਾਰਡ ਦੀ ਘੋਖ-ਪੜਤਾਲ ਕਰਕੇ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਸਬੰਧਿਤ ਅਖ਼ਬਾਰਾਂ ਦਾ ਆਡਿਟ ਕਰਦੀ ਹੈ, ਜੋ ਅਸਲ ਤੱਥਾਂ ‘ਤੇ ਆਧਾਰਿਤ ਹੁੰਦਾ ਹੈ।

ਇਸ ਦੇ ਤੱਥਾਂ ਨੂੰ ਦੇਸ਼ ਭਰ ਵਿਚ ਸਭ ਵੱਡੀਆਂ ਕੰਪਨੀਆਂ ਵਲੋਂ ਸਤਿਕਾਰਿਆ ਜਾਂਦਾ ਹੈ। ਦਹਾਕਿਆਂ ਤੋਂ ਇਹ ਸੰਸਥਾ ‘ਅਜੀਤ’ ਅਖ਼ਬਾਰ ਦੀ ਪ੍ਰਸਾਰ ਸੰਖਿਆ ਨੂੰ ਪੰਜਾਬੀ ਅਖ਼ਬਾਰਾਂ ਵਿਚੋਂ ਸਭ ਤੋਂ ਵੱਧ ਕਰਾਰ ਦਿੰਦੀ ਆ ਰਹੀ ਹੈ। ਇਸ ਸੰਸਥਾ ਦੇ ਆਡਿਟ ‘ਤੇ ਦੇਸ਼ ਭਰ ਵਿਚ ਕਦੇ ਵੀ ਕਿੰਤੂ-ਪ੍ਰੰਤੂ ਨਹੀਂ ਕੀਤਾ ਜਾਂਦਾ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਏ.ਬੀ.ਸੀ. ਦੇ ਅੰਕੜਿਆਂ ਮੁਤਾਬਿਕ ਜੇਕਰ ‘ਅਜੀਤ’ ਦੀ ਪ੍ਰਸਾਰ ਸੰਖਿਆ ਕਿਤੇ ਜ਼ਿਆਦਾ ਹੈ ਤਾਂ ਉਕਤ ਲੱਚਰ ਅਖ਼ਬਾਰ ਦੇ ਪਾਠਕ ਵੱਧ ਕਿਵੇਂ ਹੋ ਸਕਦੇ ਹਨ?

 

ਆਪਣੀ ਲਗਾਤਾਰ ਘਟਦੀ ਜਾ ਰਹੀ ਸਾਖ ਅਤੇ ਪ੍ਰਸਾਰ ਸੰਖਿਆ ਦੀ ਨਮੋਸ਼ੀ ਨੂੰ ਛੁਪਾਉਣ ਦਾ ਯਤਨ ਕਰਦਿਆਂ ਹੀ ਇਸ ਲੱਚਰ, ਅਸ਼ਲੀਲ ਤੇ ਪੀਲੀ ਪੱਤਰਕਾਰੀ ਲਈ ਬਦਨਾਮ ਅਖ਼ਬਾਰ ਨੇ ਪੂਰੀ ਤਰ੍ਹਾਂ ਝੂਠ ਦਾ ਸਹਾਰਾ ਲੈ ਕੇ ਆਪਣੇ ਪਾਠਕਾਂ ਦੀ ਗਿਣਤੀ ‘ਅਜੀਤ’ ਨਾਲੋਂ ਵਧੇਰੇ ਦਰਸਾਉਣ ਦਾ ਯਤਨ ਕੀਤਾ ਹੈ। ਇਸ ਦਾ ਇਹ ਕੋਝਾ ਯਤਨ ਚੰਨ ‘ਤੇ ਥੁੱਕਣ ਵਾਂਗ ਹੈ।

 

‘ਅਜੀਤ’ ਦੇ ਲੱਖਾਂ ਪਾਠਕ ਅਤੇ ਸਨੇਹੀ ਹਮੇਸ਼ਾ ਇਸ ਦੀ ਢਾਲ ਬਣਦੇ ਰਹੇ ਹਨ ਅਤੇ ਇਸ ਨੂੰ ਭਰਪੂਰ ਸਹਿਯੋਗ ਦਿੰਦੇ ਰਹੇ ਹਨ, ਜਿਸ ਕਾਰਨ ਇਸ ਲੱਚਰ ਅਖ਼ਬਾਰ ਨੂੰ ਪਹਿਲਾਂ ਵੀ ਮੂੰਹ ਦੀ ਖਾਣੀ ਪੈਂਦੀ ਰਹੀ ਹੈ। ‘ਅਜੀਤ’ ਨੇ ਬੋਗਸ ਸਰਵੇਖਣ ਕਰਨ ਵਾਲੀ ਕਥਿਤ ਏਜੰਸੀ ਨੂੰ ਪਹਿਲਾਂ ਹੀ ਇਕ ਕਰੋੜ ਦੇ ਹਰਜਾਨੇ ਦਾ ਕਾਨੂੰਨੀ ਨੋਟਿਸ ਦਿੱਤਾ ਹੋਇਆ ਹੈ। ਹੁਣ ਇਸ ਸੰਦਰਭ ਵਿਚ ‘ਅਜੀਤ’ ਦੀ ਮੈਨੇਜਮੈਂਟ ਦੇ ਤਾਜ਼ਾ ਫ਼ੈਸਲੇ ਅਨੁਸਾਰ ਉਕਤ ਏਜੰਸੀ ਨੂੰ ਦਸ ਕਰੋੜ ਰੁਪਏ ਦੇ ਹਰਜਾਨੇ ਦਾ ਨਵਾਂ ਨੋਟਿਸ ਭੇਜਿਆ ਜਾ ਰਿਹਾ ਹੈ।

 

 

 

Share

Leave a Reply

Your email address will not be published. Required fields are marked *