ਪੰਜਾਬ ‘ਚ ‘ਬੰਦੂਕਾਂ ਫੜ ਕੇ ਪੋਜ਼’ ਦੇਣ ਦੇ ਸ਼ੌਕੀਨਾਂ ਲਈ ਅਹਿਮ ਖਬਰ

News

Share

ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ‘ਤੇ ਹਥਿਆਰਾਂ ਨਾਲ ਪੋਜ਼ ਦੇ ਕੇ ਤਸਵੀਰਾਂ ਪਾਉਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੋ ਸਕਦੀ ਹੈ ਕਿਉਂਕਿ ਇਨ੍ਹੀਂ ਦਿਨੀਂ ਪੰਜਾਬ ਦਾ ਸਾਈਬਰ ਕ੍ਰਾਈਮ ਵਿੰਗ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਸਾਈਟਾਂ ਤੇ ਬੰਦੂਕਾਂ ਤੇ ਹਥਿਆਰਾਂ ਨਾਲ ਪੋਜ਼ ਦੇਣ ਵਾਲੇ ਲੋਕਾਂ ਦੀ ਤਲਾਸ਼ ‘ਚ ਲੱਗਾ ਹੋਇਆ ਹੈ। ਸਾਈਬਰ ਵਿੰਗ ਦੇ ਸੋਸ਼ਲ ਮੀਡੀਆ ਸੈੱਲ ਨੇ ਅਜਿਹੇ ਹੀ 15 ਲੋਕਾਂ ਨੂੰ ਸਕੈਨ ਕੀਤਾ ਅਤੇ ਸਬੰਧਿਤ ਪੁਲਸ ਥਾਣਿਆਂ ਨੂੰ ਇਨ੍ਹਾਂ ‘ਤੇ ਸਖਤ ਕਾਰਵਾਈ ਕਰਨ ਲਈ ਕਿਹਾ ਹੈ।

ਲੁਧਿਆਣਾ, ਸਪੈਸ਼ਲ ਬ੍ਰਾਂਚ ਦੇ ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਨੇ ਕਿਹਾ ਹੈ ਕਿ ਸੋਸ਼ਲ ਨੈੱਟਵਰਕਿੰਗ ਸਾਈਟਾਂ ‘ਤੇ ਅਜਿਹੇ ਪੋਜ਼ਾਂ ਅਤੇ ਫੋਟੋ ਕੈਪਸ਼ਨਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਜੇਕਰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਇਨ੍ਹਾਂ ਤਸਵੀਰਾਂ ‘ਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਧਮਕੀ ਦਿੱਤੀ ਜਾ ਰਹੀ ਹੈ ਤਾਂ ਉਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਸੁਰਿੰਦਰ ਲਾਂਬਾ ਨੇ ਕਿਹਾ ਕਿ ਗੈਰ ਕਾਨੂੰਨੀ ਹਥਿਆਰ ਰੱਖਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਲਾਈਸੈਂਸ ਵੀ ਰੱਦ ਕਰ ਦਿੱਤੇ ਜਾਣਗੇ।

 

ਲਾਂਬਾ ਨੇ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ, ਜਿਹੜੇ ਆਪਣੇ ਦੋਸਤਾਂ ਨਾਲ ਮਿਲ ਕੇ ਹਥਿਆਰਾਂ ਨਾਲ ਪੋਜ਼ ਮਾਰ ਸੋਸ਼ਲ ਸਾਈਟਾਂ ‘ਤੇ ਤਸਵੀਰਾਂ ਅਪਲੋਡ ਕਰਦੇ ਹਨ। ਪੁਲਸ ਵਲੋਂ ਇਹ ਕਾਰਵਾਈ ਪੰਜਾਬ ‘ਚ ਤੇਜ਼ੀ ਨਾਲ ਫੈਲ ਰਹੇ ਗੈਂਗਸਟਰ ਸੱਭਿਆਚਾਰ ਨੂੰ ਮੁੱਖ ਰੱਖਦਿਆਂ ਕੀਤੀ ਗਈ ਹੈ ਕਿਉਂਕਿ ਸੋਸ਼ਲ ਮੀਡੀਆ ‘ਤੇ ਇਨ੍ਹਾਂ ਗੈਂਗਸਟਰਾਂ ਦੇ ਲੱਖਾਂ ਫੈਨਜ਼ ਹੁੰਦੇ ਹਨ। ਹਾਲ ਹੀ ‘ਚ ਪੰਜਾਬ ਪੁਲਸ ਵਲੋਂ ਐਨਕਾਊਂਟਰ ਕੀਤੇ ਗਏ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦੇ ਫੇਸਬੁੱਕ ‘ਤੇ 4 ਲੱਖ ਲਾਈਕ ਹਨ।

 

 

ਇਸ ਤੋਂ ਇਲਾਵਾ ਲੁਧਿਆਣਾ ਕਮਿਸ਼ਨਰੇਟ ਵਲੋਂ ਹਥਿਆਰ ਲਾਈਸੈਂਸ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੀ ਦਸੰਬਰ ‘ਚ ਰਿਨਿਊ ਹੋਣ ਆਏ 24 ਲਾਈਸੈਂਸਾਂ ਨੂੰ ਰੱਦ ਕਰ ਦਿੱਤਾ ਗਿਆ ਸੀ, ਜਦੋਂ ਕਿ 57 ਲਾਈਸੈਂਸਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ ਕਿਉਂਕਿ ਲਾਈਸੈਂਸ ਦੇ ਨਿਯਮਾਂ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਗਿਆ ਸੀ। ਇਸ ਤੋਂ ਇਲਾਵਾ 680 ਲਾਈਸੈਂਸ ਹੋਲਡਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਲਾਈਸੈਂਸ ਸਬੰਧੀ ਜ਼ਰੂਰੀ ਦਸਤਾਵੇਜ਼ ਵੀ ਜਮਾਂ ਨਹੀਂ ਕਰਵਾਏ ਅਤੇ ਨਾ ਹੀ ਇਸਤੇਮਾਲ ਕੀਤੀਆਂ ਗਈਆਂ ਗੋਲੀਆਂ ਦਾ ਕੋਈ ਰਿਕਾਰਡ ਦਿੱਤਾ ਹੈ।

 

 

Share

Leave a Reply

Your email address will not be published. Required fields are marked *